‘ਸ਼ੱਕਰ ਪਾਰੇ’: ਜਲੰਧਰ ਦੀ ਐਨੀਮੇਸ਼ਨ ਟੀਮ ਨੇ ਮਾਂ-ਬੋਲੀ ਪੰਜਾਬੀ ਰਾਹੀਂ ਜਿੱਤੇ ਬੱਚਿਆਂ ਦੇ ਦਿਲ I
“ਅੱਲੀਆਂ-ਪਟੱਲੀਆਂ, ਤੁਰ ਪਈਆਂ ਕੱਲੀਆਂ…”ਇਹ ਸਿਰਫ਼ ਇੱਕ ਤੁਕ ਨਹੀਂ, ਸਗੋਂ ਅੱਜ ਪੰਜਾਬ ਦੇ ਹਜ਼ਾਰਾਂ ਘਰਾਂ ਵਿੱਚ ਬੱਚਿਆਂ ਦੀ ਰੋਜ਼ਾਨਾ ਬੋਲੀ ਦਾ ਹਿੱਸਾ ਬਣ ਚੁੱਕੀ ਹੈ। ਮੋਬਾਇਲ ਸਕ੍ਰੀਨ, ਟੀਵੀ ਜਾਂ ਟੈਬਲੈਟ ’ਤੇ ਜਿਵੇਂ ਹੀ ਇਹ ਲਫ਼ਜ਼ ਗੂੰਜਦੇ ਹਨ, ਬੱਚਿਆਂ ਦੇ ਚਿਹਰਿਆਂ ’ਤੇ ਮੁਸਕਾਨ ਖਿੜ ਜਾਂਦੀ ਹੈ। ਇਹ ਸਤਰਾਂ ਜੁੜੀਆਂ ਹਨ ਜਲੰਧਰ ਅਧਾਰਿਤ ਐਨੀਮੇਸ਼ਨ ਯੂਟਿਊਬ ਚੈਨਲ ‘ਸ਼ੱਕਰ ਪਾਰੇ’ ਨਾਲ, ਜਿਸ ਨੇ ਬੱਚਿਆਂ ਦੀ ਮਨੋਰੰਜਨ ਦੁਨੀਆ ਵਿੱਚ ਮਾਂ-ਬੋਲੀ ਪੰਜਾਬੀ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਅੱਜ ਦੇ ਡਿਜ਼ੀਟਲ ਦੌਰ ਵਿੱਚ, ਜਿੱਥੇ ਬੱਚਿਆਂ ਦੀ ਸਕ੍ਰੀਨ ਦੁਨੀਆ ਅਕਸਰ ਵਿਦੇਸ਼ੀ ਭਾਸ਼ਾਵਾਂ ਅਤੇ ਅਜਿਹੇ ਕਿਰਦਾਰਾਂ ਨਾਲ ਭਰੀ ਹੋਈ ਹੈ ਜੋ ਸਾਡੇ ਸੱਭਿਆਚਾਰ ਤੋਂ ਦੂਰ ਹਨ, ਉੱਥੇ ‘ਸ਼ੱਕਰ ਪਾਰੇ’ ਇੱਕ ਅਜਿਹਾ ਮੰਚ ਬਣ ਕੇ ਉਭਰਿਆ ਹੈ ਜੋ ਬੱਚਿਆਂ ਨੂੰ ਆਪਣੀ ਮਿੱਟੀ, ਆਪਣੀ ਬੋਲੀ ਅਤੇ ਆਪਣੇ ਰਿਵਾਜਾਂ ਨਾਲ ਜੋੜਦਾ ਹੈ। ਜਲੰਧਰ ਤੋਂ ਸ਼ੁਰੂ ਹੋਇਆ ਇੱਕ ਸੁਪਨਾ ‘ਸ਼ੱਕਰ ਪਾਰੇ’ ਦੀ ਸ਼ੁਰੂਆਤ ਜਲੰਧਰ ਦੇ ਡਾ. ਹਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਤੇਜਿੰਦਰ ਕੌਰ ਵੱਲੋਂ ਕੀਤੀ ਗਈ। ਇਹ ਦੋਵੇਂ ਸਿਰਫ਼ ਚੈਨਲ ਦੇ ਸਿਰਜਣਹਾਰ ਨਹੀਂ, ਸਗੋਂ ਇਸ ਦੇ ਹਰ ਕਿਰਦਾਰ ਅਤੇ ਹਰ ਕਹਾਣੀ ਦੇ ਪਿੱਛੇ ਦੀ ਰੂਹ ਹਨ। ਡਾ. ਹਰਜੀਤ ਸਿੰਘ, ਜੋ ਕਿ ਪਹਿਲਾਂ ਦੂਰਦਰਸ਼ਨ ਨਾਲ ਲੰਮੇ ਸਮੇਂ ਤੱਕ ਜੁੜੇ ਰਹੇ ਹਨ ਅਤੇ ਕਈ ਪ੍ਰਸਿੱਧ ਫਿਲਮਾਂ ਤੇ ਪ੍ਰੋਗਰਾਮਾਂ ਨਾਲ ਆਪਣੀ ਪਛਾਣ ਬਣਾ ਚੁੱਕੇ ਹਨ, ਕਹਿੰਦੇ ਹਨ ਕਿ ਬੱਚਿਆਂ ਲਈ ਮਨੋਰੰਜਨ ਦੀ ਕੋਈ ਘਾਟ ਨਹੀਂ, ਪਰ ਆਪਣੀ ਸੰਸਕ੍ਰਿਤੀ ਨਾਲ ਜੁੜਿਆ ਸਮੱਗਰੀ ਬਹੁਤ ਘੱਟ ਹੈ। ਉਨ੍ਹਾਂ ਅਨੁਸਾਰ, “ਬੱਚੇ ਉਹੀ ਸਿੱਖਦੇ ਹਨ ਜੋ ਉਹ ਵੇਖਦੇ ਅਤੇ ਸੁਣਦੇ ਹਨ। ਜੇਕਰ ਉਹ ਆਪਣੀ ਭਾਸ਼ਾ, ਆਪਣੇ ਰੰਗਾਂ ਅਤੇ ਆਪਣੇ ਮਾਹੌਲ ਵਾਲੇ ਕਿਰਦਾਰਾਂ ਨਾਲ ਵਧਣ, ਤਾਂ ਉਹ ਆਪਣੀ ਪਛਾਣ ’ਤੇ ਮਾਣ ਕਰਨਾ ਸਿੱਖਦੇ ਹਨ।” ਕਹਾਣੀਆਂ, ਗੀਤ ਅਤੇ ਕਿਰਦਾਰਾਂ ਦੀ ਰੰਗੀਨ ਦੁਨੀਆ ‘ਸ਼ੱਕਰ ਪਾਰੇ’ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੇ ਕਿਰਦਾਰ ਹਨ। ਅੱਲੀਆਂ-ਪਟੱਲੀਆਂ ਵਰਗੇ ਮਾਸੂਮ ਤੇ ਚੁਸਤ ਕਿਰਦਾਰ ਬੱਚਿਆਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾ ਚੁੱਕੇ ਹਨ। ਇਸ ਤੋਂ ਇਲਾਵਾ ਧੁੰਮਕ-ਧੂਣ, ਸ਼ਰਾਰਤੀ ਲੇਲੇ, ਰਿੱਛ, ਬਘਿਆੜ, ਕੱਛੂ, ਮਧੂ-ਮੱਖੀਆਂ, ਗਲਹਿਰੀਆਂ, ਸੱਪ, ਮੁਰਗੀਆਂ ਅਤੇ ਰੋਬੋਟ ਵਰਗੇ ਕਿਰਦਾਰ ਵੀ ਕਹਾਣੀਆਂ ਨੂੰ ਹੋਰ ਦਿਲਚਸਪ ਬਣਾਉਂਦੇ ਹਨ। ਇਹ ਸਾਰੇ ਕਿਰਦਾਰ ਸਿਰਫ਼ ਮਨੋਰੰਜਨ ਲਈ ਨਹੀਂ, ਸਗੋਂ ਸਿੱਖਿਆ ਅਤੇ ਸੰਸਕਾਰਾਂ ਦਾ ਸਾਧਨ ਵੀ ਹਨ। ਕਈ ਕਹਾਣੀਆਂ ਵਿੱਚ ਦੋਸਤੀ, ਸਹਿਯੋਗ, ਸੱਚਾਈ, ਮਿਹਨਤ ਅਤੇ ਸਾਂਝ ਵਰਗੇ ਮੁੱਲ ਬੜੀ ਸਾਦਗੀ ਨਾਲ ਪੇਸ਼ ਕੀਤੇ ਜਾਂਦੇ ਹਨ, ਜੋ ਬੱਚਿਆਂ ’ਤੇ ਡੂੰਘਾ ਅਸਰ ਛੱਡਦੇ ਹਨ। ਤੇਜਿੰਦਰ ਕੌਰ ਦੀ ਕਲਮ ਦੀ ਮਿਠਾਸ ਜੇ ‘ਸ਼ੱਕਰ ਪਾਰੇ’ ਦੇ ਵਿਜ਼ੁਅਲ ਬੱਚਿਆਂ ਨੂੰ ਖਿੱਚਦੇ ਹਨ, ਤਾਂ ਉਸ ਦੀ ਅਸਲ ਜਾਨ ਤੇਜਿੰਦਰ ਕੌਰ ਦੀ ਲਿਖਤ ਹੈ। ਇੱਕ ਮੰਨੀ-ਪ੍ਰਮੰਨੀ ਲੇਖਿਕਾ ਅਤੇ ਸਾਬਕਾ ਪ੍ਰੋਫੈਸਰ ਹੋਣ ਦੇ ਨਾਤੇ, ਉਹ ਪੰਜਾਬੀ ਭਾਸ਼ਾ ਦੀ ਗਹਿਰਾਈ ਨੂੰ ਬੜੀ ਸੂਝ-ਬੂਝ ਨਾਲ ਬੱਚਿਆਂ ਲਈ ਸੌਖੀ ਬਣਾਉਂਦੀਆਂ ਹਨ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਪੰਜਾਬੀ ਅਖੌਤਾਂ, ਮੁਹਾਵਰੇ ਅਤੇ ਲੋਕ ਬੋਲੀਆਂ ਬੜੀ ਖ਼ੂਬਸੂਰਤੀ ਨਾਲ ਗੂੰਧੀਆਂ ਗਈਆਂ ਹਨ। ਉਹ ਮੰਨਦੀਆਂ ਹਨ ਕਿ ਬੱਚਿਆਂ ਨੂੰ ਸਿੱਖਿਆ ਦੇਣ ਲਈ ਉਪਦੇਸ਼ ਨਹੀਂ, ਸਗੋਂ ਕਹਾਣੀ ਦੀ ਲੋੜ ਹੁੰਦੀ ਹੈ। ਜਦ ਬੱਚੇ ਹੱਸਦੇ-ਖੇਡਦੇ ਸਿੱਖਦੇ ਹਨ, ਤਾਂ ਗੱਲ ਦਿਲ ਵਿੱਚ ਵਸ ਜਾਂਦੀ ਹੈ। ਅੰਕੜਿਆਂ ਤੋਂ ਪਰੇ ਇੱਕ ਸੱਭਿਆਚਾਰਕ ਅੰਦੋਲਨ ਸਿਰਫ਼ ਇੱਕ ਸਾਲ ਤੋਂ ਕੁਝ ਵੱਧ ਸਮੇਂ ਵਿੱਚ ‘ਸ਼ੱਕਰ ਪਾਰੇ’ ਨੇ 6 ਕਰੋੜ ਤੋਂ ਵੱਧ ਵਿਊਜ਼ ਹਾਸਲ ਕਰ ਲਏ ਹਨ ਅਤੇ 26 ਹਜ਼ਾਰ ਤੋਂ ਜ਼ਿਆਦਾ ਸਬਸਕ੍ਰਾਈਬਰ ਇਸ ਨਾਲ ਜੁੜ ਚੁੱਕੇ ਹਨ। ਚੈਨਲ ’ਤੇ ਮੌਜੂਦ 250 ਤੋਂ ਵੱਧ ਵੀਡੀਓਜ਼ ਵਿੱਚੋਂ ਕਈ ਵੀਡੀਓਜ਼ ਨੂੰ 20 ਤੋਂ 60 ਲੱਖ ਤੱਕ ਦੇ ਵਿਊਜ਼ ਮਿਲਣਾ ਇਹ ਸਾਬਤ ਕਰਦਾ ਹੈ ਕਿ ਪੰਜਾਬੀ ਸਮੱਗਰੀ ਲਈ ਦਰਸ਼ਕਾਂ ਦੀ ਕੋਈ ਘਾਟ ਨਹੀਂ। ਪਰ ਡਾ. ਹਰਜੀਤ ਸਿੰਘ ਕਹਿੰਦੇ ਹਨ ਕਿ ਇਹ ਸਿਰਫ਼ ਅੰਕੜਿਆਂ ਦੀ ਗੱਲ ਨਹੀਂ। ਉਨ੍ਹਾਂ ਲਈ ਵੱਡੀ ਕਾਮਯਾਬੀ ਉਹ ਸੁਨੇਹੇ ਹਨ ਜੋ ਮਾਪਿਆਂ ਵੱਲੋਂ ਮਿਲਦੇ ਹਨ, ਜਿਨ੍ਹਾਂ ਵਿੱਚ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਬੱਚੇ ਹੁਣ ਘਰ ਵਿੱਚ ਪੰਜਾਬੀ ਬੋਲਣ ਲੱਗ ਪਏ ਹਨ। ਤਕਨਾਲੋਜੀ ਅਤੇ ਰਚਨਾਤਮਕਤਾ ਦਾ ਸੰਤੁਲਨ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਗੱਲ ਕਰਦਿਆਂ ਡਾ. ਹਰਜੀਤ ਸਿੰਘ ਕਹਿੰਦੇ ਹਨ ਕਿ ਤਕਨਾਲੋਜੀ ਰਾਹ ਦਿਖਾ ਸਕਦੀ ਹੈ, ਪਰ ਕਲਾ ਦੀ ਆਤਮਾ ਮਨੁੱਖੀ ਸੋਚ ਨਾਲ ਹੀ ਜੁੜੀ ਹੁੰਦੀ ਹੈ। ਉਨ੍ਹਾਂ ਮੁਤਾਬਕ, AI ਸਹਾਇਕ ਹੋ ਸਕਦੀ ਹੈ, ਪਰ ਕਹਾਣੀ ਦਾ ਦਿਲ ਹਮੇਸ਼ਾਂ ਲੇਖਕ ਅਤੇ ਕਲਾਕਾਰ ਦੇ ਅੰਦਰੋਂ ਹੀ ਨਿਕਲਦਾ ਹੈ। ਭਵਿੱਖ ਲਈ ਉਨ੍ਹਾਂ ਦੇ ਸੁਪਨੇ ਵੀ ਵੱਡੇ ਹਨ। ਉਹ ‘ਸ਼ੱਕਰ ਪਾਰੇ’ ਦੇ ਕਿਰਦਾਰਾਂ ਨੂੰ ਲੈ ਕੇ ਫੀਚਰ ਫਿਲਮ ਬਣਾਉਣ ਅਤੇ ਇਸ ਪਲੇਟਫਾਰਮ ਨੂੰ ਹੋਰ ਵੱਡੇ ਦਰਸ਼ਕ ਵਰਗ ਤੱਕ ਲਿਜਾਣਾ ਚਾਹੁੰਦੇ ਹਨ। ਮਾਂ-ਬੋਲੀ ਨਾਲ ਜੁੜਨ ਦੀ ਇੱਕ ਕੋਸ਼ਿਸ਼ ਅੱਜ ‘ਸ਼ੱਕਰ ਪਾਰੇ’ ਸਿਰਫ਼ ਇੱਕ ਯੂਟਿਊਬ ਚੈਨਲ ਨਹੀਂ ਰਹਿ ਗਿਆ, ਸਗੋਂ ਇਹ ਇੱਕ ਅਜਿਹਾ ਉਪਰਾਲਾ ਬਣ ਚੁੱਕਾ ਹੈ ਜੋ ਪੰਜਾਬੀ ਭਾਸ਼ਾ ਨੂੰ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਰਿਹਾ ਹੈ। ਜਦ ਬੱਚੇ ਖੇਡ-ਖੇਡ ਵਿੱਚ ਆਪਣੀ ਭਾਸ਼ਾ ਸਿੱਖਦੇ ਹਨ, ਤਾਂ ਉਹ ਸੱਭਿਆਚਾਰ ਆਪਣੇ ਆਪ ਅੱਗੇ ਵਧਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਸ਼ੱਕਰ ਪਾਰੇ’ ਵਰਗੇ ਯਤਨ ਪੰਜਾਬੀ ਦੀ ਆਉਣ ਵਾਲੀ ਪੀੜ੍ਹੀ ਲਈ ਇੱਕ ਮਜ਼ਬੂਤ ਨੀਂਹ ਤਿਆਰ ਕਰ ਰਹੇ ਹਨ, ਜਿੱਥੇ ਮਨੋਰੰਜਨ ਦੇ ਨਾਲ-ਨਾਲ ਆਪਣੀ ਪਛਾਣ ਵੀ ਸੁਰੱਖਿਅਤ ਰਹਿੰਦੀ ਹੈ।
