shaheedbhagatsinghnagar.com

ਜਸ਼ਨਾ 'ਚ ਮੌਤ ਨੂੰ ਸੱਦਾ ਦਿੰਦੀ ਹੈ ਚਾਈਨਾ ਡੋਰ I

download (25)

ਬਸੰਤ ਪੰਚਮੀ ਪੰਜਾਬ ਦੇ ਉਹਨਾਂ ਤਿਉਹਾਰਾਂ ਵਿੱਚੋਂ ਇੱਕ ਹੈ ਜੋ ਨਵੀਂ ਰੁੱਤ, ਨਵੇਂ ਜੋਸ਼ ਅਤੇ ਨਵੀਂ ਉਮੀਦ ਦਾ ਸੁਨੇਹਾ ਲਿਆਉਂਦਾ ਹੈ। ਸਰਦੀ ਦੇ ਅੰਤ ਉਪਰੰਤ ਬਸੰਤ ਦਾ ਸਵਾਗਤ ਰੰਗ-ਬਿਰੰਗੀਆਂ ਪਤੰਗਾਂ ਨਾਲ ਕੀਤਾ ਜਾਂਦਾ ਹੈ। ਛੱਤਾਂ ਉੱਤੇ ਚੜ੍ਹੇ ਬੱਚੇ, ਨੌਜਵਾਨ ਤੇ ਵੱਡੇ ਜਸ਼ਨ ਮਨਾਉਂਦੇ ਨਜ਼ਰ ਆਉਂਦੇ ਹਨ ਅਤੇ ਆਸਮਾਨ ਖੁਸ਼ੀਆਂ ਨਾਲ ਭਰਿਆ ਹੋਇਆ ਦਿਸਦਾ ਹੈ।ਪਰ ਇਹ ਜਸ਼ਨ ਉਸ ਵੇਲੇ ਮਾਤਮ ’ਚ ਬਦਲ ਜਾਂਦਾ ਹੈ, ਜਦ ਪਤੰਗਬਾਜ਼ੀ ਦੌਰਾਨ ਪਾਬੰਦੀਸ਼ੁਦਾ ਚਾਈਨਾ ਡੋਰ ਵਰਤੀ ਜਾਂਦੀ ਹੈ। ਨਾਈਲੋਨ ਤੋਂ ਬਣੀ ਇਹ ਡੋਰ ਸਿਰਫ਼ ਪਤੰਗ ਨਹੀਂ ਕੱਟਦੀ, ਸਗੋਂ ਜਾਨਾਂ ਨੂੰ ਵੀ ਨਿਸ਼ਾਨਾ ਬਣਾਉਂਦੀ ਹੈ। ਕਈ ਵਾਰ ਕੱਟੀ ਹੋਈ ਪਤੰਗ ਜਾਂ ਬੇਕਾਬੂ ਡੋਰ ਸੜਕਾਂ, ਗਲੀਆਂ ਅਤੇ ਖੁੱਲ੍ਹੇ ਇਲਾਕਿਆਂ ’ਚ ਆ ਕੇ ਰਾਹਗੀਰਾਂ, ਦੋ-ਪਹੀਆ ਵਾਹਨਾਂ ’ਤੇ ਸਵਾਰ ਲੋਕਾਂ, ਪੰਛੀਆਂ ਅਤੇ ਪਸ਼ੂਆਂ ਲਈ ਮੌਤ ਦਾ ਕਾਰਨ ਬਣ ਜਾਂਦੀ ਹੈ।ਚਾਈਨਾ ਡੋਰ ਦੀ ਸਭ ਤੋਂ ਵੱਡੀ ਖ਼ਤਰਨਾਕੀ ਇਹ ਹੈ ਕਿ ਇਹ ਟੁੱਟਦੀ ਨਹੀਂ, ਸਗੋਂ ਸਰੀਰ ’ਚ ਧੱਸ ਕੇ ਡੂੰਘੇ ਜ਼ਖ਼ਮ ਪਾ ਦਿੰਦੀ ਹੈ। ਪਿਛਲੇ ਸਾਲਾਂ ਦੌਰਾਨ ਕਈ ਮਾਸੂਮ ਬੱਚੇ ਆਪਣੀਆਂ ਉਂਗਲਾਂ, ਹੱਥਾਂ ਅਤੇ ਗਰਦਨਾਂ ’ਤੇ ਗੰਭੀਰ ਸੱਟਾਂ ਖਾ ਚੁੱਕੇ ਹਨ, ਜਦਕਿ ਬੇਸ਼ੁਮਾਰ ਪੰਛੀ ਇਸ ਦੀ ਭੇਂਟ ਚੜ੍ਹ ਚੁੱਕੇ ਹਨ।ਸਮਾਜਿਕ ਤੌਰ ’ਤੇ ਸੋਚਣ ਦੀ ਲੋੜ ਹੈ ਕਿ ਜੇਕਰ ਅਸੀਂ ਖੁਸ਼ੀ ਮਨਾਉਣ ਲਈ ਕਿਸੇ ਹੋਰ ਦੀ ਜਾਨ ਖ਼ਤਰੇ ’ਚ ਪਾ ਰਹੇ ਹਾਂ, ਤਾਂ ਇਹ ਜਸ਼ਨ ਕਿਵੇਂ ਸਹੀ ਕਹੇ ਜਾ ਸਕਦੇ ਹਨ। ਰਵਾਇਤੀ ਸੂਤੀ ਡੋਰ ਕਦੇ ਵੀ ਇਸ ਤਰ੍ਹਾਂ ਜਾਨਲੇਵਾ ਸਾਬਤ ਨਹੀਂ ਹੁੰਦੀ ਅਤੇ ਇਹ ਆਸਾਨੀ ਨਾਲ ਟੁੱਟ ਵੀ ਜਾਂਦੀ ਹੈ, ਜਿਸ ਨਾਲ ਵੱਡੇ ਹਾਦਸਿਆਂ ਤੋਂ ਬਚਾਅ ਸੰਭਵ ਹੈ।ਇਸ ਮੌਕੇ ਡੋਰ ਦੇ ਵਪਾਰ ਨਾਲ ਜੁੜੇ ਲੋਕਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਜੇਕਰ ਦੁਕਾਨਦਾਰ ਖੁਦ ਚਾਈਨਾ ਡੋਰ ਵੇਚਣ ਤੋਂ ਇਨਕਾਰ ਕਰ ਦੇਣ, ਤਾਂ ਇਹ ਖ਼ਤਰਨਾਕ ਸਮਾਨ ਮਾਰਕੀਟ ਤੋਂ ਆਪਣੇ ਆਪ ਗਾਇਬ ਹੋ ਸਕਦਾ ਹੈ। ਇਸਦੇ ਨਾਲ ਹੀ ਸਕੂਲਾਂ, ਮਾਪਿਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਬੱਚਿਆਂ ਵਿੱਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ, ਤਾਂ ਜੋ ਉਹ ਖੇਡ–ਖੇਡ ’ਚ ਆਪਣੀ ਜਾਂ ਦੂਜਿਆਂ ਦੀ ਜਾਨ ਖ਼ਤਰੇ ’ਚ ਨਾ ਪਾ ਬੈਠਣ।ਲੋੜ ਇਸ ਗੱਲ ਦੀ ਹੈ ਕਿ ਚਾਈਨਾ ਡੋਰ ’ਤੇ ਲੱਗੀ ਪਾਬੰਦੀ ਸਿਰਫ਼ ਕਾਗਜ਼ਾਂ ਤੱਕ ਸੀਮਿਤ ਨਾ ਰਹੇ, ਸਗੋਂ ਜ਼ਮੀਨੀ ਪੱਧਰ ’ਤੇ ਸਖ਼ਤੀ ਨਾਲ ਲਾਗੂ ਕੀਤੀ ਜਾਵੇ। ਜਦ ਤੱਕ ਪ੍ਰਸ਼ਾਸਨ ਅਤੇ ਆਮ ਲੋਕ ਇਕੱਠੇ ਹੋ ਕੇ ਇਸ ਖ਼ਤਰੇ ਖ਼ਿਲਾਫ਼ ਖੜੇ ਨਹੀਂ ਹੁੰਦੇ, ਤਦ ਤੱਕ ਬਸੰਤ ਦੀ ਖੁਸ਼ੀ ਹਰ ਸਾਲ ਕਿਸੇ ਨਾ ਕਿਸੇ ਲਈ ਦਰਦ ਬਣਦੀ ਰਹੇਗੀ।

Scroll to Top