
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ। ਬਲਾਚੌਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ ’ਤੇ ਗੰਭੀਰ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੇ ਦਾਅਵੇ ਹਕੀਕਤ ਵਿੱਚ ਪੂਰੇ ਨਹੀਂ ਹੋ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਯੋਜਨਾ ਆਮ ਆਦਮੀ ਪਾਰਟੀ ਵੱਲੋਂ ਸਿਰਫ਼ ਆਪਣੇ ਲੋਕਾਂ ਨੂੰ ਲਾਭ ਪਹੁੰਚਾਉਣ ਦਾ ਸਾਧਨ ਬਣ ਕੇ ਰਹਿ ਗਈ ਹੈ, ਜਿਸ ਕਾਰਨ ਇਹ ਸਕੀਮ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ।
ਮੰਗੂਪੁਰ ਨੇ ਦੱਸਿਆ ਕਿ ਤਾਜ਼ਾ ਮਾਮਲੇ ਪਿੰਡਾਂ ਦੇ ਕਾਮਨ ਸਰਵਿਸ ਸੈਂਟਰਾਂ ਤੋਂ ਸਾਹਮਣੇ ਆਏ ਹਨ, ਜਿੱਥੇ ਆਮ ਲੋਕਾਂ ਨੇ ਇਲਜ਼ਾਮ ਲਗਾਏ ਹਨ ਕਿ ਸਿਹਤ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਥਿਤ ਤੌਰ ’ਤੇ ਕਾਮਨ ਸਰਵਿਸ ਸੈਂਟਰਾਂ ਨੂੰ ਅਜਿਹੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਲਾਭਪਾਤਰੀਆਂ ਦੇ ਕਾਰਡ ਕੇਵਲ ਉਸੇ ਸੂਰਤ ਵਿੱਚ ਬਣਾਏ ਜਾਣ, ਜਦੋਂ ਉਨ੍ਹਾਂ ਕੋਲ ਆਮ ਆਦਮੀ ਪਾਰਟੀ ਦੇ ਕੋ-ਆਰਡੀਨੇਟਰਾਂ ਵੱਲੋਂ ਜਾਰੀ ਕੀਤੀ ਸਲਿੱਪ ਹੋਵੇ।
ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਇਹ ਯੋਜਨਾ ਸੱਚਮੁੱਚ ਸਾਰੇ ਪੰਜਾਬੀਆਂ ਲਈ ਹੈ ਤਾਂ ਫਿਰ ਵਿਚੋਲਗਿਰੀ ਲਈ ਪਾਰਟੀ ਵਰਕਰਾਂ ਨੂੰ ਕਿਉਂ ਸ਼ਾਮਲ ਕੀਤਾ ਗਿਆ ਹੈ? ਕੀ ਸਰਕਾਰੀ ਸੈਂਟਰਾਂ ’ਚ ਆਮ ਨਾਗਰਿਕ ਸਿੱਧਾ ਜਾ ਕੇ ਆਪਣਾ ਹੱਕ ਨਹੀਂ ਲੈ ਸਕਦਾ? ਕੀ ਇਹ ਯੋਜਨਾ ਕੇਵਲ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਖੁਸ਼ ਕਰਨ ਅਤੇ ਸਿਆਸੀ ਲਾਭ ਲੈਣ ਲਈ ਬਣਾਈ ਗਈ ਹੈ?
ਇਸ ਮੁੱਦੇ ’ਤੇ ਆਪਣੀ ਗੱਲ ਰੱਖਦਿਆਂ ਮੰਗੂਪੁਰ ਨੇ ਕਿਹਾ ਕਿ ਜੇ ਸਰਕਾਰ ਵਾਕਈ ਲੋਕ-ਹਿੱਤ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਤਾਂ ਕਾਮਨ ਸਰਵਿਸ ਸੈਂਟਰਾਂ ਨੂੰ ਖੁੱਲ੍ਹੀ ਛੂਟ ਦਿੱਤੀ ਜਾਵੇ ਕਿ ਉਹ ਹਰ ਉਸ ਵਿਅਕਤੀ ਦਾ ਸਿਹਤ ਕਾਰਡ ਤਿਆਰ ਕਰਨ, ਜੋ ਪੰਜਾਬ ਦਾ ਵਸਨੀਕ ਹੈ ਬਿਨਾਂ ਕਿਸੇ ਸਿਆਸੀ ਸਿਫਾਰਸ਼ ਜਾਂ ਦਖਲਅੰਦੀਜ਼ੀ ਦੇ। ਉਨ੍ਹਾਂ ਆਖਿਆ ਕਿ ਪੱਖਪਾਤੀ ਰਵੱਈਏ ਕਾਰਨ ਨਾ ਸਿਰਫ਼ ਆਮ ਲੋਕਾਂ ਵਿੱਚ ਭਾਰੀ ਰੋਸ ਹੈ, ਸਗੋਂ ਸਰਕਾਰ ਦੇ ‘ਬਦਲਾਅ’ ਵਾਲੇ ਦਾਅਵਿਆਂ ’ਤੇ ਵੀ ਵੱਡਾ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ।
ਅਜੈ ਮੰਗੂਪੁਰ ਨੇ ਇਸ ਯੋਜਨਾ ਨੂੰ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਭਰਮਾਉਣ ਲਈ ਖੇਡਿਆ ਜਾਣ ਵਾਲਾ ਇੱਕ ਪ੍ਰੋਪਗੰਡਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਅਤੇ ਹੁਣ ਉਹ ਇਨ੍ਹਾਂ ਝੂਠੇ ਵਾਅਦਿਆਂ ਤੇ ਲਾਰਿਆਂ ਵਿੱਚ ਆਉਣ ਵਾਲੇ ਨਹੀਂ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ‘ਆਪ’ ਸਰਕਾਰ ਇਸ ਯੋਜਨਾ ਦੀ ਵਰਤੋਂ ਸਿਰਫ਼ ਅਤੇ ਸਿਰਫ਼ ਲੋਕ-ਹਿੱਤ ਲਈ ਕਰੇ, ਤਾਂ ਜੋ ਹਰ ਗਰੀਬ ਤੇ ਲੋੜਵੰਦ ਨੂੰ ਬਿਨਾਂ ਕਿਸੇ ਭੇਦਭਾਵ ਦੇ ਇਲਾਜ ਦਾ ਅਧਿਕਾਰ ਮਿਲ ਸਕੇ।
ਇਸ ਮੌਕੇ ’ਤੇ ਰਾਜਿੰਦਰ ਸਿੰਘ ਸ਼ਿੰਦੀ (ਦਫ਼ਤਰ ਸਕੱਤਰ) ਅਤੇ ਜਿੰਦਰ ਕੁਮਾਰ (ਪ੍ਰਧਾਨ ਐੱਸਸੀ ਸੈੱਲ, ਬਲਾਚੌਰ) ਵੀ ਮੌਜੂਦ ਸਨ।