ਸੀਸੀਟੀਵੀ ਫੁਟੇਜ ਅਤੇ ਆਲੇ-ਦੁਆਲੇ ਦੇ ਰਸਤੇ ਖੰਗਾਲੇ ਜਾ ਰਹੇ

ਸਰਹਿੰਦ ਰੇਲਵੇ ਸਟੇਸ਼ਨ ਦੇ ਨੇੜਲੇ ਇਲਾਕੇ ਵਿੱਚ ਸ਼ੁੱਕਰਵਾਰ ਰਾਤ ਇੱਕ ਵੱਡੀ ਅਤੇ ਸੰਭਾਵਿਤ ਤੌਰ ’ਤੇ ਗੰਭੀਰ ਘਟਨਾ ਸਾਹਮਣੇ ਆਈ, ਜਿੱਥੇ ਕੁਝ ਅਣਪਛਾਤੇ ਸ਼ਰਾਰਤੀ ਤੱਤਾਂ ਵੱਲੋਂ ਦਿੱਲੀ–ਅੰਮ੍ਰਿਤਸਰ ਮੁੱਖ ਰੇਲ ਮਾਰਗ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਰਾਤ ਕਰੀਬ 9:50 ਵਜੇ ਪਿੰਡ ਕਾਨਪੁਰ ਦੇ ਨੇੜੇ ਰੇਲਵੇ ਪੋਲ ਨੰਬਰ 1208 ਕੋਲ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣੀ ਗਈ, ਜਿਸ ਤੋਂ ਬਾਅਦ ਇਲਾਕੇ ’ਚ ਹੜਕੰਪ ਮਚ ਗਿਆ।
ਧਮਾਕੇ ਤੋਂ ਬਾਅਦ ਰੇਲ ਪਟੜੀ ਦਾ ਇੱਕ ਵੱਡਾ ਹਿੱਸਾ ਨੁਕਸਾਨੀ ਹੋ ਗਿਆ, ਜਿਸ ਨਾਲ ਰੇਲ ਆਵਾਜਾਈ ਨੂੰ ਖ਼ਤਰਾ ਪੈਦਾ ਹੋ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਕਰੀਬ 600 ਮੀਟਰ ਰੇਲਵੇ ਲਾਈਨ ਪ੍ਰਭਾਵਿਤ ਹੋਈ ਹੈ। ਖੁਸ਼ਕਿਸਮਤੀ ਨਾਲ ਉਸ ਸਮੇਂ ਕੋਈ ਯਾਤਰੀ ਰੇਲਗੱਡੀ ਇਸ ਰਸਤੇ ਤੋਂ ਨਹੀਂ ਲੰਘੀ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਹਾਲਾਂਕਿ, ਇੱਕ ਮਾਲ ਗੱਡੀ ਦਾ ਇੰਜਣ ਇਸ ਨੁਕਸਾਨੀ ਟਰੈਕ ’ਤੇ ਆਉਣ ਕਾਰਨ ਪਟੜੀ ਤੋਂ ਹੇਠਾਂ ਉਤਰ ਗਿਆ, ਜਿਸ ਨਾਲ ਮਾਲ ਗੱਡੀ ਦਾ ਡਰਾਈਵਰ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਡਰਾਈਵਰ ਦੀ ਪਛਾਣ ਅਨਿਲ ਸ਼ਰਮਾ ਵਜੋਂ ਹੋਈ ਹੈ, ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਉਸ ਦੀ ਹਾਲਤ ਸਥਿਰ ਹੈ ਅਤੇ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਰੇਲਵੇ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ।
ਮੁੱਢਲੀ ਜਾਂਚ ਦੌਰਾਨ ਇਸ ਗੱਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਟੜੀ ਨੂੰ ਨੁਕਸਾਨ ਪਹੁੰਚਾਉਣ ਲਈ ਵਿਸਫੋਟਕ ਪਦਾਰਥਾਂ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ, ਹਾਲਾਂਕਿ ਅਧਿਕਾਰਤ ਤੌਰ ’ਤੇ ਇਸ ਬਾਰੇ ਹਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਘਟਨਾ ਸਥਾਨ ਤੋਂ ਕੁਝ ਅਜਿਹੇ ਨਿਸ਼ਾਨ ਮਿਲੇ ਹਨ, ਜਿਨ੍ਹਾਂ ਦੇ ਆਧਾਰ ’ਤੇ ਜਾਂਚ ਏਜੰਸੀਆਂ ਹਰ ਪੱਖ ਤੋਂ ਮਾਮਲੇ ਦੀ ਤਫਤੀਸ਼ ਕਰ ਰਹੀਆਂ ਹਨ।
ਘਟਨਾ ਦੀ ਸੂਚਨਾ ਮਿਲਣ ਮਗਰੋਂ ਰੇਲਵੇ ਅਧਿਕਾਰੀਆਂ ਵੱਲੋਂ ਟਰੈਕ ਦੀ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਨੁਕਸਾਨੀ ਪਟੜੀ ਨੂੰ ਅਸਥਾਈ ਤੌਰ ’ਤੇ ਠੀਕ ਕਰਕੇ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ। ਇਸ ਦੌਰਾਨ ਕਈ ਰੇਲਗੱਡੀਆਂ ਨੂੰ ਰੋਕਿਆ ਗਿਆ ਜਾਂ ਉਨ੍ਹਾਂ ਦੇ ਰਸਤੇ ਬਦਲੇ ਗਏ, ਜਿਸ ਕਾਰਨ ਯਾਤਰੀਆਂ ਨੂੰ ਕੁਝ ਸਮੇਂ ਲਈ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।
ਪੁਲੀਸ ਵੱਲੋਂ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਆਲੇ-ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਸਥਾਨਕ ਵਸਨੀਕਾਂ ਤੋਂ ਪੁੱਛਗਿੱਛ ਕੀਤੀ। ਪਿੰਡ ਕਾਨਪੁਰ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ ਦੇ ਸਮੇਂ ਤੇਜ਼ ਧਮਾਕੇ ਵਰਗੀ ਆਵਾਜ਼ ਸੁਣੀ ਸੀ, ਜਿਸ ਨਾਲ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਨਿਕਲ ਆਏ ਸਨ।
ਘਟਨਾ ਤੋਂ ਬਾਅਦ ਸਰਹਿੰਦ ਰੇਲਵੇ ਸਟੇਸ਼ਨ ਅਤੇ ਆਲੇ-ਦੁਆਲੇ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਰੇਲ ਮਾਰਗਾਂ ਦੀ ਨਿਗਰਾਨੀ ਹੋਰ ਵਧਾ ਦਿੱਤੀ ਗਈ ਹੈ ਅਤੇ ਸ਼ੱਕੀ ਗਤੀਵਿਧੀਆਂ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਮਾਮਲੇ ਨੂੰ ਅਤਿਵਾਦੀ ਘਟਨਾ ਕਰਾਰ ਦੇਣਾ ਜਲਦਬਾਜ਼ੀ ਹੋਵੇਗੀ: ਡੀਆਈਜੀ
ਰੋਪੜ ਰੇਂਜ ਦੇ ਡੀਆਈਜੀ ਨਾਨਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਨੂੰ ਰੇਲ ਪਟੜੀ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਵੱਖ-ਵੱਖ ਜਾਂਚ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਫੋਰੈਂਸਿਕ, ਤਕਨੀਕੀ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਪੂਰੇ ਇਲਾਕੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।
ਡੀਆਈਜੀ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਹਾਲਾਤਾਂ ਵਿੱਚ ਇਸ ਘਟਨਾ ਨੂੰ ਅਤਿਵਾਦੀ ਹਮਲਾ ਕਰਾਰ ਦੇਣਾ ਜਲਦਬਾਜ਼ੀ ਹੋਵੇਗੀ। ਸ਼ੁਰੂਆਤੀ ਤੌਰ ’ਤੇ ਇਸ ਨੂੰ ਇੱਕ ਗੰਭੀਰ ਅਪਰਾਧਿਕ ਘਟਨਾ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਕਾਰਨਾਂ, ਵਰਤੇ ਗਏ ਸਾਧਨਾਂ ਅਤੇ ਦੋਸ਼ੀਆਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਸਥਿਤੀ ’ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਿਹਾ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਪੁਲੀਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਕਿਸੇ ਸ਼ੱਕੀ ਹਲਚਲ ਜਾਂ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਇਸ ਤੋਂ ਇਲਾਵਾ ਰੇਲਵੇ ਟਰੈਕ ਦੇ ਆਲੇ-ਦੁਆਲੇ ਸਥਿਤ ਖੇਤਾਂ, ਸੁੰਨੀਆਂ ਥਾਵਾਂ ਅਤੇ ਪਿੰਡਾਂ ਨਾਲ ਲੱਗਦੀਆਂ ਪਗਡੰਡੀਆਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਰੇਲਵੇ ਪ੍ਰਣਾਲੀ ਅਤੇ ਟਰੈਕ ਬਾਰੇ ਜਾਣਕਾਰੀ ਹੋ ਸਕਦੀ ਹੈ, ਜਿਸ ਐੰਗਲ ਤੋਂ ਵੀ ਜਾਂਚ ਅੱਗੇ ਵਧਾਈ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਰਾਜ ਦੇ ਹੋਰ ਸੰਵੇਦਨਸ਼ੀਲ ਰੇਲ ਮਾਰਗਾਂ ’ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ।